ਬਾਬਾ ਬੰਦਾ ਸਿੰਘ ਬਹਾਦਰ ਦਾ ਬੁੱਤ ਹੋਇਆ ਤਿਆਰ
ਨਵੀਂ ਦਿੱਲੀ (15 ਜੂਨ 2016) : ਬਾਬਾ ਬੰਦਾ ਸਿੰਘ ਬਹਾਦਰ ਦਾ ਦਿੱਲੀ ਦੇ ਮਹਿਰੌਲੀ ਵਿਖੇ ਸਥਾਪਿਤ ਹੋਣ ਵਾਲਾ ਬੁੱਤ ਪੂਰਨ ਤੌਰ ਤੇ ਤਿਆਰ ਹੋ ਗਿਆ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਾਬਾ ਜੀ ਦੀ ਤੀਜ਼ੀ ਸ਼ਹੀਦੀ ਸ਼ਤਾਬਦੀ ਦਾ ਸੁਨੇਹਾ ਸਦੀਵੀ ਕਾਲ ਤਕ ਸੁਰਜੀਤ ਰੱਖਣ ਲਈ ਡੀ.ਡੀ.ਏ. ਤੋਂ 7.5 ਏਕੜ ਦਾ ਪਾਰਕ ਕੁੱਤੁਬ ਮੀਨਾਰ ਦੇ ਨੇੜੇ ਲੈ ਕੇ ਬਾਬਾ ਬੰਦਾ ਸਿੰਘ ਬਹਾਦਰ ਮੈਮੋਰੀਅਲ ਪਾਰਕ ਦੇ ਰੂਪ ਵਿਚ ਵਿਕਸਿਤ ਕਰਨ ਅਤੇ ਬਾਬਾ ਜੀ ਦਾ ਬੁੱਤ ਲਗਾਉਣ ਦਾ ਫੈਸਲਾ ਲਿਆ ਗਿਆ ਸੀ। ਪੰਜਾਬ ਸਰਕਾਰ ਨੇ ਜਿਥੇ ਇਸ ਬੁੱਤ ਦਾ ਸਾਰਾ ਖਰਚਾ ਦਿੱਤਾ ਹੈ ਉਥੇ ਹੀ ਦਿੱਲੀ ਦੇ ਮੁਖਮੰਤਰੀ ਅਰਵਿੰਦ ਕੇਜਰੀਵਾਲ ਦੀ ਪ੍ਰਧਾਨਗੀ ਹੇਠ ਆਉਂਦੀ ਸਟੇਟ ਨੇਮਿੰਗ ਕਮੇਟੀ ਨੇ ਬੁੱਤ ਨੂੰ ਪਾਰਕ ਵਿਚ ਲਗਾਉਣ ਦੀ ਮਨਜੂਰੀ ਸੁਪਰੀਮ ਕੋਰਟ ਦੇ ਇੱਕ ਅੰਤ੍ਰਿਮ ਆਦੇਸ਼ ਦਾ ਹਵਾਲਾ ਦੇ ਕੇ ਦੇਣ ਤੋਂ ਕੋਰੀ ਨਾਹ ਕਰ ਦਿੱਤੀ ਹੈ।
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਕੁਲਦੀਪ ਸਿੰਘ ਭੋਗਲ ਨੇ ਦੱਸਿਆ ਕਿ ਦਿੱਲੀ ਕਮੇਟੀ ਵੱਲੋਂ ਇਸ ਬੁੱਤ ਦੀ ਉਸਾਰੀ ਗਵਾਲੀਅਰ ਦੇ ਉੱਘੇ ਬੁੱਤਕਾਰ ਪ੍ਰਭਾਤ ਰਾਇ ਤੋਂ ਕਰਵਾਉਣ ਦਾ ਫੈਸਲਾ ਲਿਆ ਗਿਆ ਸੀ ਕਿਉਂਕਿ ਬਾਬਾ ਜੀ ਦਾ ਹੂ-ਬ-ਹੂ ਬੁੱੱਤ ਪੰਜਾਬ ਸਰਕਾਰ ਵੱਲੋਂ ਜੋ ਚੱਪੜਚਿੜ੍ਹੀ ਮੈਦਾਨ ਵਿਚ ਲਗਾਇਆ ਗਿਆ ਸੀ ਉਸ ਦੀ ਉਸਾਰੀ ਵੀ ਪ੍ਰਭਾਤ ਰਾਇ ਨੇ ਕੀਤੀ ਸੀ। ਭੋਗਲ ਨੇ ਬੁੱਤ ਦੀ ਉਸਾਰੀ ਦਾ ਕਾਰਜ ਪੂਰਾ ਹੋਣ ਤੇ ਬੁੱਤਕਾਰ ਦੀ ਸਾਰੀ ਟੀਮ ਨੂੰ ਗਵਾਲੀਅਰ ਵਿਖੇ ਸਿਰੋਪਾਉ ਅਤੇ ਯਾਦਗਾਰੀ ਚਿਨ੍ਹ ਦੇ ਕੇ ਸੰਨਮਾਨਿਤ ਕੀਤਾ। ਭੋਗਲ ਨੇ ਆਸ਼ ਜਤਾਈ ਕਿ ਦਿੱਲੀ ਕਮੇਟੀ ਅਤੇ ਪੰਜਾਬ ਸਰਕਾਰ ਦੀ ਸਾਂਝੀ ਪਹਿਲ ਦਾ ਪ੍ਰਤੀਕ ਇਹ ਬੁੱਤ ਬਾਬਾ ਜੀ ਦੇ ਇਤਿਹਾਸ ਨੂੰ ਸੰਗਤਾਂ ਤਕ ਪਹੁੰਚਾਉਣ ਦਾ ਵੱਡਾ ਮਾਧਯਮ ਬਣੇਗਾ।
ਭੋਗਲ ਨੇ ਜਾਣਕਾਰੀ ਦਿੱਤੀ ਕਿ ਇਹ ਬੁੱਤ 17 ਫੁੱਟ ਉੱਚਾ ਤੇ 13 ਫੁੱਟ ਚੌੜਾ ਹੋਣ ਦੇ ਨਾਲ ਹੀ 6 ਟਨ ਵਜਨੀ ਹੈ। ਭੋਗਲ ਨੇ ਇਸ਼ਾਰਾ ਕੀਤਾ ਕਿ ਦਿੱਲੀ ਸਰਕਾਰ ਵੱਲੋਂ ਪਾਰਕ ਵਿਚ ਬੁੱਤ ਲਗਾਉਣ ਦੀ ਮਨਜੂਰੀ ਨਾ ਮਿਲਣ ਤੇ ਉਕਤ ਬੁੱਤ ਨੂੰ ਯੋਗ ਸਥਾਨ ਤੇ ਲਗਾਉਣ ਵਾਸਤੇ ਕਮੇਟੀ ਵੱਲੋਂ 2 ਥਾਵਾਂ ਦੀ ਨਿਸ਼ਾਨਦੇਹੀ ਕਰ ਲਈ ਗਈ ਹੈ। ਪ੍ਰਭਾਤ ਰਾਇ ਨੇ ਕਿਹਾ ਕਿ ਮਹਾਨ ਸਿੱਖ ਜਰਨੈਲ ਜਿਸ ਨੇ ਇਸ ਦੇਸ਼ ਵਾਸਤੇ ਆਪਣੇ ਬੱਚੇ ਤਕ ਨੂੰ ਕੁਰਬਾਨ ਕੀਤਾ ਹੋਏ ਉਸ ਦਾ ਬੁੱਤ ਬਣਾਉਣਾ ਮਾਣ ਵਾਲੀ ਗੱਲ ਹੈ। ਇਸ ਮੌਕੇ ਕਮੇਟੀ ਦੇ ਬਿਲਡਿੰਗ ਵਿਭਾਗ ਦੇ ਇੰਜੀਨੀਅਰ ਵੀ ਮੌਜੂਦ ਸਨ।
With Thanks : Media DSGMC