Wednesday, July 11, 2018

ਮਨਜਿੰਦਰ ਸਿੰਘ ਸਿਰਸਾ ਨੇ ਗੁਲਾਬ ਸਿੰਘ ਸ਼ਾਹੀਨ ਨਾਲ ਕੀਤੀ ਗੱਲਬਾਤ


ਮਨਜਿੰਦਰ ਸਿੰਘ ਸਿਰਸਾ ਨੇ ਗੁਲਾਬ ਸਿੰਘ ਸ਼ਾਹੀਨ ਨਾਲ ਕੀਤੀ ਗੱਲਬਾਤ, ਦਿੱਲੀ ਗੁਰਦੁਆਰਾ ਕਮੇਟੀ ਤੇ ਸ਼੍ਰੋਮਣੀ ਕਮੇਟੀ ਵੱਲੋਂ ਹਰ ਮਦਦ ਦਾ ਭਰੋਸਾ ਦੁਆਇਆ 
ਨਵੀਂ ਦਿੱਲੀ, 11 ਜੁਲਾਈ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਸ੍ਰੀ ਮਨਜਿੰਦਰ ਸਿੰਘ ਸਿਰਸਾ ਨੇ ਅੱਜ ਪਾਕਿਸਤਾਨ ਦੇ ਪਹਿਲੇ ਸਿੱਖ ਪੁਲਿਸ ਅਫਸਰ ਗੁਲਾਬ ਸਿੰਘ ਸ਼ਾਹੀਨ ਨਾਲ ਟੈਲੀਫੋਨ 'ਤੇ ਗੱਲਬਾਤ ਕੀਤੀ ਜਿਹਨਾਂ ਨੂੰ ਕੱਲ• ਪਾਕਿਸਤਾਨ ਵਿਚ ਆਪਣੇ ਘਰ ਵਿਚੋਂ ਬਾਹਰ ਕੱਢ ਦਿੱਤਾ ਗਿਆ ਸੀ ਅਤੇ ਉਹਨਾਂ ਦੀ ਦਸਤਾਰ ਲਾਹੁਣ ਸਮੇਤ ਬਦਸਲੂਕੀ ਕੀਤੀ ਗਈ ਸੀ। ਸ੍ਰੀ ਸਿਰਸਾ ਨੇ ਉਹਨਾਂ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਹਰ ਸੰਭਵ ਮਦਦ ਦਾ ਭਰੋਸਾ ਦੁਆਇਆ। 
ਇਥੇ ਇਸ ਗੱਲ ਦੀ ਜਾਣਕਾਰੀ ਦਿੰਦਿਆਂ ਸ੍ਰੀ ਸਿਰਸਾ ਨੇ ਦੱਸਿਆ ਕਿ ਗੁਲਾਬ ਸਿੰਘ ਨੇ ਉਹਨਾਂ ਨੂੰ ਦੱਸਿਆ ਕਿ ਉਸਨੂੰ ਪਾਕਿਸਤਾਨ ਵਿਚ ਜਾਣ ਬੁਝ ਕੇ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਤੇ ਉਸਨੂੰ ਦਿੱਲੀ ਗੁਰਦੁਆਰਾ ਕਮੇਟੀ ਤੇ ਸ੍ਰੋਮਣੀ ਕਮੇਟੀ ਵਰਗੀਆਂ ਸੰਸਥਾਵਾਂ ਤੋਂ ਮਦਦ ਦੀ ਜ਼ਰੂਰਤ ਹੈ।  ਉਸਨੇ ਇਹ ਵੀ ਦੱਸਿਆ ਕਿ ਜੇਕਰ ਇਹਨਾਂ ਸੰਗਠਨਾਂ ਨੇ ਪਾਕਿਸਤਾਨ ਵਿਚਲੇ ਸਿੱਖਾਂ ਦੀ ਮਦਦ ਨਾ ਕੀਤੀ ਤਾਂ ਫਿਰ ਪਾਕਿਸਤਾਨ ਵਿਚੋਂ ਸਿੱਖ ਖਤਮ ਹੋ ਜਾਣਗੇ। ਉਹਨਾਂ ਨੇ ਸ੍ਰੀ ਸਿਰਸਾ ਨੂੰ ਇਹ ਵੀ ਦੱਸਿਆ ਕਿ ਪਾਕਿਸਤਸਾਨ ਵਿਚ ਵਕਫ ਬੋਰਡ (ਈ ਟੀ ਪੀ ਬੀ) ਦੇ ਮੁਖੀ ਤਾਰਿਕ ਵਜ਼ੀਰ ਗੁਰਘਰਾਂ ਦੀ ਬੇਸ਼ਕੀਮਤੀ ਜ਼ਮੀਨ ਹੜਪ ਕੇ ਉਥੇ ਮਾਲ ਬਣਾਉਣਾ ਚਾਹੁੰਦਾ ਹੈ ਕਿਉਂਕਿ ਪਹਿਲਾਂ ਵੀ ਅਜਿਹੀਆਂ ਥਾਵਾਂ 'ਤੇ ਕਬਜ਼ੇ ਕਰ ਕੇ ਇਹਨਾਂ ਨੂੰ ਵੇਚ ਚੁੱਕਾ ਹੈ। ਉਸਨੇ ਕਿਹਾ ਕਿ ਉਸਨੂੰ ਇਸ ਗੱਲ ਦਾ ਦੁੱਖ ਘੱਟ ਹੈ ਕਿ ਉਸਨੂੰ ਘਰੋਂ ਕੱਢਿਆ ਗਿਆ ਪਰ ਇਸਦਾ ਦੁੱਖ ਜ਼ਿਆਦਾ ਹੈ ਕਿ ਉਸਦੀ ਪੱਗ ਲਾਹ ਦਿੱਤੀ ਗਈ ਤੇ ਉਸਦੀਆਂ ਧਾਰਮਿਕ ਭਾਵਨਾਵਾਂ ਨਾਲ ਖਿਲਵਾੜ ਕੀਤਾ ਗਿਆ ਤੇ ਉਹ ਉਸਦੀਆਂ ਭਾਵਨਾਵਾਂ ਨੂੰ ਪਹੁੰਚਾਈ ਠੇਸ ਬਦਲੇ ਦੋਸ਼ੀਆਂ ਨੂੰ ਸਜ਼ਾ ਦੁਆਉਣੀ ਚਾਹੁੰਦਾ ਹੈ।
ਸ੍ਰੀ ਸਿਰਸਾ ਨੇ ਗੁਲਾਬ ਸਿੰਘ ਨੂੰ ਭਰੋਸਾ ਦੁਆਇਆ ਕਿ ਦਿੱਲੀ ਕਮੇਟੀ, ਸ਼੍ਰੋਮਣੀ ਕਮੇਟੀ ਤੇ ਅਕਾਲੀ ਦਲ ਉਸਦੇ ਕੇਸ ਦੀ ਸਥਾਨਕ ਅੰਬੈਸੀ ਕੋਲ ਪੈਰਵੀ ਕਰ ਰਹੇ ਹਨ ਪਰ ਹਾਲੇ ਤੱਕ ਫੋਨਾਂ ਦਾ ਜਵਾਬ ਨਹੀਂ ਦਿੱਤਾ ਜਾ ਰਿਹਾ । ਉਹਨਾਂ ਕਿਹਾ ਕਿ ਉਹ ਯਕੀਨੀ ਬਣਾਉਣਗੇ ਕਿ ਗੁਲਾਬ ਸਿੰਘ ਦੀਆਂ ਧਾਰਮਿਕ ਭਾਵਨਾਵਾਂ ਨੂੰ ਸੱਟ ਮਾਰਨ ਤੇ ਪੱਗ ਲਾਹੁਣ ਵਾਲਿਆਂ ਨੂੰ ਸਜ਼ਾ ਜ਼ਰੂਰ ਮਿਲੇ ਤੇ ਸਿਰਸਾ ਨੇ ਉਹਨਾਂ ਨੂੰ ਹਰ ਮਦਦ ਦਾ ਭਰੋਸਾ ਦੁਆਇਆ ਤੇ ਕਿਹਾ ਕਿ ਭਾਰਤ ਦਾ ਹਰ ਸਿੱਖ ਉਹਨਾਂ ਦੇ ਨਾਲ ਹੈ। 
ਸ੍ਰੀ ਸਿਰਸਾ ਨੇ ਪਾਕਿਸਤਾਨ ਵਿਚ ਅੰਮ੍ਰਿਤਧਾਰੀ ਸਿੱਖ 'ਤੇ ਹੋਏ ਹਮਲੇ ਦਾ ਗੰਭੀਰ ਨੋਟਿਸ ਲੈਂਦਿਆਂ ਪਾਕਿਸਤਾਨ ਸਰਕਾਰ ਵੱਲੋਂ ਘੱਟ ਗਿਣਤੀ ਸਿੱਖਾਂ ਦੀ ਸੁਰੱਖਿਆ ਯਕੀਨੀ ਬਣਾਉਣ ਵਿਚ ਅਸਫਲ ਰਹਿਣ ਦੀ ਜ਼ੋਰਦਾਰ ਨਿਖੇਧੀ ਕੀਤੀ ਤੇ ਆਖਿਆ ਕਿ ਅਜਿਹੀਆਂ ਘਟਨਾਵਾਂ ਦੇ ਮਾਮਲੇ ਵਿਚ ਬਦਮਾਸ਼ਾਂ ਖਿਲਾਫ ਕੋਈ ਕਾਰਵਾਈ ਨਾ ਕਰਨ ਦੀ ਨੀਤੀ ਅਪਣਾਈ ਜਾ ਰਹੀ ਹੈ।  ਉਹਨਾਂ ਕਿਹਾ ਕਿ ਗੁਲਾਬ ਸਿੰਘ ਪਾਕਿਸਤਾਨ ਪੁਲਿਸ ਫੋਰਸ ਵਿਚ ਪਹਿਲਾ ਸਿੱਖਾ ਅਫਸਰ ਹੈ। ਜੇਕਰ ਇਕ ਪੁਲਿਸ ਅਫਸਰ ਨਾਲ ਇਹਨਾਂ ਜ਼ਿਆਦਤੀ ਤੇ ਬਦਸਲੂਕੀ ਹੋ ਰਹ ਹੈ ਤਾਂ ਫਿਰ ਸਹਿਜੇ ਹੀ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਪਾਕਿਸਤਾਨ ਵਿਚ ਘੱਟ ਗਿਣਤੀਆਂ ਕਿੰਨੀ ਦਹਿਸ਼ਤ ਦੇ ਸਾਏ ਵਿਚ ਰਹਿੰਦੀਆਂ ਹੋਣਗੀਆਂ। 
ਸ੍ਰੀ ਸਿਰਸਾ ਨੇ ਗੁਲਾਬ ਸਿੰਘ ਦੀ ਵੀਡੀਓ ਆਪਣੇ ਟਵਿਟਰ ਤੇ ਫੇਸਬੁੱਕ ਅਕਾਉਂਟ 'ਤੇ ਸਾਂਝੀ ਕੀਤੀ ਤੇ ਮੰਗ ਕੀਤੀ ਕਿ ਦੋਸ਼ੀਆਂ ਖਿਲਾਫ ਐਫ ਆਈ ਆਰ ਦਰਜ ਕਰ ਕੇ ਫੌਜਦਾਰੀ ਕਾਰਵਾਈ ਕੀਤੀ ਜਾਵੇ। ਵੀਡੀਓ ਵਿਚ ਗੁਲਾਬ ਸਿੰਘ ਸਪਸ਼ਟ ਇਹ ਕਹਿੰਦੇ ਸੁਣ ਰਹੇ ਹਨ ਕਿ ਪਾਕਿਸਤਾਨ ਵਿਚ ਸਿੱਖ ਸੁਰੱਖਿਅਤ ਨਹੀਂ ਹਨ। ਸ੍ਰੀ ਸਿਰਸਾ ਨੇ ਇਸ ਤੋਂ ਪਹਿਲਾਂ ਪੇਸ਼ਾਵਰ  ਵਿਚ ਚਰਨਜੀਤ ਸਿੰਘ ਦੀ ਹੱਤਿਆ ਕੀਤੇ ਜਾਣ ਦਾ ਵੀ ਜ਼ਿਕਰ ਕੀਤਾ ਤ ੇਦੱਸਿਆ ਕਿ ਪਿਛਲੇ ਕੁਝ ਮਹੀਨਿਆਂ ਵਿਚ ਪਾਕਿਸਤਾਨ ਵਿਚ 8 ਪ੍ਰਮੁੱਖ ਸਿੱਖ ਸ਼ਖਸੀਅਤਾ ਕਤਲ ਹੋ ਗਈਆਂ ਹਨ।
ਸ੍ਰੀ ਸਿਰਸਾ ਨੇ ਵਿਦੇਸ਼ੀ ਮੰਤਰੀ ਸੁਸ਼ਮਾ ਸਵਰਾਜ ਨੂੰ ਵੀ ਟਵੀਟ ਕਰ ਕੇ ਮੰਗ ਕੀਤੀ ਕਿ ਪਾਕਿਸਤਾਨ ਵਿਚ ਸਿੱਖਾਂ ਦੀ ਸੁਰੱਖਿਆ ਦਾ ਮਾਮਲਾ ਉਹ ਆਪਣੇ ਹਮਰੁਤਬਾ ਕੋਲ ਚੁੱਕਣ।  

No comments: