ਨਵੀਂ ਦਿੱਲੀ (25 ਅਗਸਤ 2016) :
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਾਬਾ ਮੱਖਣ ਸ਼ਾਹ ਲੁਬਾਣਾ ਅਤੇ ਭਾਈ ਲੱਖੀ ਸ਼ਾਹ ਵਣਜਾਰਾ ਦੀ ਯਾਦ ਨੂੰ ਸਮਰਪਿਤ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ। ‘‘ਗੁਰੂ ਲਾਧੋ ਰੇ’’ ਸਮਾਗਮਾਂ ਦੀ ਲੜੀ ਤਹਿਤ ਗੁਰੂ ਗੋਬਿੰਦ ਸਿੰਘ ਕਾਲਜ ਆਫ਼ ਕਾਮਰਸ, ਪੀਤਮ ਪੁਰਾ ਦੇ ਸਾਹਿਬਜਾਦਾ ਬਾਬਾ ਅਜੀਤ ਸਿੰਘ ਅੋਡੀਟੋਰੀਅਮ ਵਿਖੇ ਕਰਵਾਏ ਗਏ ਇਸ ਸੈਮੀਨਾਰ ਵਿਚ ਵਿਦਿਵਾਨਾਂ ਵੱਲੋਂ ਦੋਨੋਂ ਮਹਾਪੁਰਸ਼ਾ ਦੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨਾਲ ਜੁੜਾਵ ’ਤੇ ਵਿੱਦਿਵਤਾ ਭਰਪੂਰ ਰੌਸ਼ਨੀ ਪਾਈ ਗਈ।
ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਸਵਾਗਤੀ ਸ਼ਬਦਾਂ ਦੌਰਾਨ ਕਮੇਟੀ ਪ੍ਰਬੰਧਕ ਦੇ ਤੌਰ ਤੇ ਉਨ੍ਹਾਂ ਵੱਲੋਂ ਨਿਭਾਈ ਜਾ ਰਹੀਆਂ ਜਿੰਮੇਵਾਰੀਆਂ ਨੂੰ ਰਿਲੇ ਦੌੜ ਦੇ ਐਥਲੀਟ ਵੱਜੋਂ ਪਰਿਭਾਸ਼ਿਤ ਕੀਤਾ। ਜੀ.ਕੇ. ਨੇ ਕਿਹਾ ਕਿ ਬੀਤੇ 3.5 ਸਾਲ ਦੌਰਾਨ ਉਨ੍ਹਾਂ ਦੀ ਟੀਮ ਨੇ ਸਿੱਖ ਇਤਿਹਾਸ ਨੂੰ ਘਰ-ਘਰ ’ਚ ਨੌਜਵਾਨ ਪੀੜ੍ਹੀ ਤਕ ਪਹੁੰਚਾਉਣ ਵਾਸਤੇ ਇੱਕ ਐਥਲੀਟ ਵਾਂਗ ਗੁਰਮਤਿ ਦੀ ਰੌਸ਼ਨੀ ਇੱਕ ਹੱਥ ਤੋਂ ਦੂਜੇ ਹੱਥ ਵਿਚ ਤਬਦੀਲ ਕਰਨ ਦੇ ਟੀਚੇ ਤੇ ਪਹਿਰਾ ਦਿੱਤਾ ਹੈ। ਜੀ.ਕੇ. ਨੇ ਕਿਹਾ ਕਿ ਗੁਰੂ ਤੇਗ ਬਹਾਦਰ ਸਾਹਿਬ ਨੂੰ ਬਾਬਾ ਮੱਖਣ ਸ਼ਾਹ ਲੁਬਾਣਾ ਨੇ 9ਵੇਂ ਗੁਰੂ ਵਜੋਂ ਪੱਛਾਣ ਕੇ ਜੋ ਸਿੱਖ ਪੰਥ ਤੇ ਉਪਕਾਰ ਕੀਤਾ ਸੀ ਉਸ ਉਪਕਾਰ ਨੂੰ ਗੁਰੂ ਸਾਹਿਬ ਦੀ ਸ਼ਹੀਦੀ ਦੇ ਬਾਅਦ ਉਨ੍ਹਾਂ ਦੇ ਧੜ ਦਾ ਅੰਤਿਮ ਸੰਸਕਾਰ ਕਰਕੇ ਭਾਈ ਲੱਖੀ ਸ਼ਾਹ ਵਣਜਾਰਾ ਨੇ ਅੱਗੇ ਤੋਰਿਆ ਸੀ। ਜੀ.ਕੇ. ਨੇ ਸਿੱਖ ਇਤਿਹਾਸ ਦਾ ਦੋਨੋਂ ਮਹਾਪੁਰਖਾਂ ਨੂੰ ਅਹਿਮ ਅੰਗ ਦੱਸਿਆ।
ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਅਰੰਭਕ ਸ਼ਬਦ ਦੌਰਾਨ ਕਮੇਟੀ ਵੱਲੋਂ ਲਾਲ ਕਿਲੇ ਅਤੇ ਕੁੱਤੁਬ ਮੀਨਾਰ ਨਾਲ ਜੁੜੇ ਸਿੱਖ ਇਤਿਹਾਸ ਨੂੰ ਸੰਗਤਾਂ ਦੇ ਸਾਹਮਣੇ ਰੱਖਣ ਦੀ ਸ਼ੁਰੂ ਕੀਤੀ ਗਈ ਮੁਹਿੰਮ ਦੀ ਅਗਲੀ ਕੜੀ ਵਜੋਂ ਸੈਮੀਨਾਰਾਂ ਨੂੰ ਸਮਝਣ ਤੇ ਵੀ ਜੋਰ ਦਿੱਤਾ। ਸਿਰਸਾ ਨੇ ਕਿਹਾ ਕਿ ਜੇਕਰ ਅਸੀਂ ਆਪਣੇ ਬੱਚਿਆਂ ਤਕ ਆਪਣੇ ਮਾਣਮਤੇ ਇਤਿਹਾਸ ਨੂੰ ਚੰਗੇ ਤਰੀਕੇ ਨਾਲ ਪਹੁੰਚਾਵਾਂਗੇ ਤਾਂ ਸਾਡਾ ਆਉਣ ਵਾਲਾ ਭਵਿੱਖ ਸਿੱਖੀ ਦੀ ਭਰੀ ਪੂਰੀ ਫ਼ੁਲਵਾੜੀ ਵਾਲਾ ਹੋਵੇਗਾ। ਵਿਦਿਆਰਥੀਆਂ ਨੂੰ ਸਿੱਖ ਇਤਿਹਾਸ ਨੂੰ ਸਮਝਣ, ਵਿਚਾਰਣ ਅਤੇ ਉਸਤੇ ਅਮਲ ਕਰਨ ਦੀ ਵੀ ਸਿਰਸਾ ਨੇ ਅਪੀਲ ਕੀਤੀ। ਪੰਜਾਬੀ ਯੂਨਵਰਸਿਟੀ ਪਟਿਆਲਾ ਦੇ ਡਾ. ਬਲਬੀਰ ਸਿੰਘ ਸਾਹਿਤ ਕੇਂਦਰ ਦੇ ਡਾਇਰੈਕਟਰ ਡਾ. ਹਰਭਜਨ ਸਿੰਘ, ਉੱਘੇ ਵਿਦਿਵਾਨ ਭਾਈ ਹਰਜਿੰਦਰ ਸਿੰਘ ਰਜਾਦਾ ਤੇ ਭਾਈ ਨਿਰਮਲ ਸਿੰਘ ਧੂਲਕੋਟ ਨੇ ਆਪਣੇ ਲੈਕਚਰਾਂ ਦੌਰਾਨ ਖੋਜ਼ ਭਰਪੂਰ ਤੱਥ ਪੇਸ਼ ਕਰਕੇ ਦਿੱਲੀ ਕਮੇਟੀ ਵੱਲੋਂ ਸਿੱਖ ਇਤਿਹਾਸ ਨੂੰ ਸੁਰਜੀਤ ਕਰਨ ਵਾਸਤੇ ਕੀਤੇ ਜਾ ਰਹੇ ਕਾਰਜਾਂ ਦੀ ਸਲਾਘਾ ਕੀਤੀ।
ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਪਰਮਜੀਤ ਸਿੰਘ ਰਾਣਾ ਨੇ ਸਟੇਜ਼ ਸਕੱਤਰ ਦੀ ਸੇਵਾ ਨਿਭਾਉਂਦੇ ਹੋਏ ਦੋਨੋਂ ਮਹਾਪੁਰਸ਼ਾ ਦੇ ਜੀਵਨ ਦੀ ਜਾਣਕਾਰੀ ਸਬੰਧੀ ਕਮੇਟੀ ਦੇ ਸਕੂਲਾਂ ਵਿਚ ਧਾਰਮਿਕ ਪ੍ਰੀਖਿਆ ਕਰਾਉਣ ਦਾ ਵੀ ਐਲਾਨ ਕੀਤਾ। ਰਾਣਾ ਨੇ ਇਸ ਪ੍ਰੀਖਿਆ ਵਿਚ ਪਹਿਲੇ ਨੰਬਰ ਦੇ ਜੇਤੂ ਨੂੰ 11 ਹਜਾਰ ਰੁਪਏ, ਦੂਜੇ ਨੰਬਰ ਦੇ ਜੇਤੂ ਨੂੰ 7100 ਰੁਪਏ ਅਤੇ ਤੀਜ਼ੇ ਨੰਬਰ ਤੇ ਆਉਣ ਵਾਲੇ 5100 ਰੁਪਏ ਦੀ ਇਨਾਮੀ ਰਾਸ਼ੀ ਕਮੇਟੀ ਵੱਲੋਂ ਦਿੱਤੇ ਜਾਣ ਦੀ ਜਾਣਕਾਰੀ ਦਿੱਤੀ। ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਮਹਿੰਦਰ ਪਾਲ ਸਿੰਘ ਚੱਢਾ, ਕਾਲਜ ਦੇ ਚੇਅਰਮੈਨ ਭੂਪਿੰਦਰ ਸਿੰਘ ਆਨੰਦ ਅਤੇ ਪ੍ਰਿੰਸੀਪਲ ਜਤਿੰਦਰ ਬੀਰ ਸਿੰਘ ਵੱਲੋਂ ਆਏ ਹੋਏ ਪਤਿਵੰਤੇ ਸ਼ਜੱਣਾ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਸਿੱਖ ਚਿੰਤਕਾ ਸਣੇ ਗੁਰੂ ਲਾਧੋ ਰੇ ਸਮਾਗਮ ਸਬ ਕਮੇਟੀ ਦੇ ਚੇਅਰਮੈਨ ਰਘੂਬੀਰ ਸਿੰਘ ਸੁਭਾਨਪੁਰ ਨਿਊਯਾਰਕ, ਕਨਵੀਨਰ ਮਾਸਟਰ ਮਹਿੰਦਰ ਸਿੰਘ ਨਿਊਯਾਰਕ ਅਤੇ ਸੰਗਤਾਂ ਨੇ ਵੱਡੀ ਗਿਣਤੀ ਵਿਚ ਹਾਜ਼ਰੀ ਭਰੀ।
With Thanks : Media DSGMC